ਸੋਸ਼ਲ ਮੀਡੀਆ ‘ਤੇ ਗੁਰਸਿੱਖ ਨਾਲ ਕੁੱਟਮਾਰ ਦੀ ਵੀਡੀਓ ਵਾਇਰਲ, ਕੌਮ ਲਈ ਚਿੰਤਾ ਦਾ ਵਿਸ਼ਾ
ਸੋਸ਼ਲ ਮੀਡੀਆ ‘ਤੇ ਇੱਕ ਗੁਰਸਿੱਖ ਨੌਜਵਾਨ ਦੀ ਕੁੱਟਮਾਰ ਦੀ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਕੁਝ ਨੌਜਵਾਨਾਂ ਵੱਲੋਂ ਇੱਕ ਗੁਰਸਿੱਖ ਨਾਲ ਮਾਰਕੁੱਟ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਸਿੱਖ ਭਾਈਚਾਰੇ ਵਿੱਚ ਗੁੱਸਾ ਅਤੇ ਚਿੰਤਾ ਦਿਖਾਈ ਦੇ ਰਹੀ ਹੈ। ਲੋਕਾਂ ਵੱਲੋਂ ਇਸ ਮਾਮਲੇ ‘ਚ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਇਸ ਮਾਮਲੇ ‘ਤੇ ਗੱਲ ਕਰਦੇ ਹੋਏ ਭਾਈ ਪਰਮਜੀਤ ਸਿੰਘ ਅਕਾਲੀ ਜਥੇਬੰਦੀ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਿੱਖ ਕੌਮ ਦੇ ਸਾਹਮਣੇ ਕਈ ਗੰਭੀਰ ਚੁਣੌਤੀਆਂ ਖੜੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਦੀ ਵੱਡੀ ਵਜ੍ਹਾ ਸਾਡੀ ਆਪਣੀ ਕਮਜ਼ੋਰੀ ਵੀ ਹੈ। ਅਸੀਂ ਸ਼ਸਤਰਾਂ ਤੋਂ ਦੂਰ ਹੋ ਗਏ ਹਾਂ, ਅੰਦਰੂਨੀ ਇਕਤਾ ਦੀ ਘਾਟ ਹੈ ਅਤੇ ਕਈ ਵਾਰ ਭਾਈਚਾਰੇ ਦੇ ਨਾਮ ‘ਤੇ ਗਲਤ ਫਾਇਦਾ ਵੀ ਉਠਾਇਆ ਜਾਂਦਾ ਹੈ।
ਉਨ੍ਹਾਂ ਨੇ ਦਸਵੰਧ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਦਸਵੰਧ ਗੁਰੂ ਸਾਹਿਬਾਂ ਵੱਲੋਂ ਦਿੱਤਾ ਗਿਆ ਇੱਕ ਪਵਿੱਤਰ ਫਰਜ਼ ਹੈ, ਪਰ ਜੇ ਇਸ ਦੀ ਸਹੀ ਵਰਤੋਂ ਨਾ ਹੋਵੇ ਤਾਂ ਇਹ ਵੀ ਕੌਮ ਲਈ ਨੁਕਸਾਨਦਾਇਕ ਬਣ ਸਕਦਾ ਹੈ। ਇਸ ਲਈ ਲੋੜ ਹੈ ਕਿ ਦਸਵੰਧ ਦਾ ਪੈਸਾ ਸਹੀ ਥਾਂ ਤੇ ਅਤੇ ਕੌਮ ਦੀ ਭਲਾਈ ਲਈ ਵਰਤਿਆ ਜਾਵੇ।
ਭਾਈ ਪਰਮਜੀਤ ਸਿੰਘ ਨੇ ਇਹ ਵੀ ਕਿਹਾ ਕਿ ਸਿਰਫ ਸਰਕਾਰਾਂ ਤੋਂ ਇਨਸਾਫ ਦੀ ਉਮੀਦ ਰੱਖਣ ਦੀ ਬਜਾਏ ਸਿੱਖਾਂ ਨੂੰ ਆਪਣੇ ਅਧਿਕਾਰਾਂ ਅਤੇ ਸੁਰੱਖਿਆ ਲਈ ਖੁਦ ਸਚੇਤ ਰਹਿਣ ਦੀ ਲੋੜ ਹੈ। ਗੁਰੂ ਸਾਹਿਬਾਂ ਨੇ ਸਾਨੂੰ ਨਿਰਭਉ ਅਤੇ ਨਿਰਵੈਰ ਰਹਿਣ ਦੀ ਸਿੱਖਿਆ ਦਿੱਤੀ ਹੈ, ਪਰ ਨਾਲ ਹੀ ਆਪਣੀ ਰੱਖਿਆ ਕਰਨ ਲਈ ਤਿਆਰ ਰਹਿਣਾ ਵੀ ਸਿਖਾਇਆ ਹੈ।





