ਧੁੰਦ ਕਾਰਨ ਵੱਡਾ ਹਾਦਸਾ ਟਲਿਆ: ਪਿੰਡ ਭੰਗਰਨੀ ਦੇ ਸ਼ਹੀਦ ਭਾਈ ਪਿਆਰਾ ਸਿੰਘ ਯਾਦਗਾਰੀ ਗੇਟ ਵਿੱਚ ਫਸਿਆ ਟਿੱਪਰ, ਡਰਾਈਵਰ ਜਖਮੀ

PUNJAB

ਮੇਹਟੀਆਣਾ (ਹੁਸ਼ਿਆਰਪੁਰ):
ਪਿੰਡ ਭੰਗਰਨੀ ਵਿੱਚ ਅੱਜ ਸਵੇਰੇ ਇਕ ਵੱਡਾ ਹਾਦਸਾ ਵਾਪਰਨ ਤੋਂ ਬਚ ਗਿਆ, ਜਦੋਂ ਸ਼ਹੀਦ ਭਾਈ ਪਿਆਰਾ ਸਿੰਘ ਯਾਦਗਾਰੀ ਗੇਟ ਵਿੱਚ ਇੱਕ ਟਿੱਪਰ ਫਸ ਗਿਆ। ਇਹ ਘਟਨਾ ਸਵੇਰ ਸਾਰ ਲਗਭਗ ਸਵਾ ਅੱਠ ਵਜੇ ਵਾਪਰੀ, ਜਦੋਂ ਧੁੰਦ ਕਾਫੀ ਜ਼ਿਆਦਾ ਹੋਣ ਕਾਰਨ ਦਿੱਖ ਘੱਟ ਸੀ।

ਜਾਣਕਾਰੀ ਅਨੁਸਾਰ, ਸ਼ਤੀਸ਼ ਅਗਰਵਾਲ ਕੰਪਨੀ ਦਾ ਟਿੱਪਰ ਨੰਬਰ PB08 CB 9386, ਜਿਸਨੂੰ ਡਰਾਈਵਰ ਬਲਵੀਰ ਸਿੰਘ ਪੁੱਤਰ ਭਜਨ ਸਿੰਘ, ਵਾਸੀ ਪਿੰਡ ਜਗਤਪੁਰ ਜੱਟਾਂ, ਚਲਾ ਰਿਹਾ ਸੀ, ਮੇਹਟੀਆਣਾ–ਗੜ੍ਹਸ਼ੰਕਰ ਮੁੱਖ ਸੜਕ ਤੋਂ ਪਿੰਡ ਭੰਗਰਨੀ ਵੱਲ ਮੁੜਿਆ। ਡਰਾਈਵਰ ਦੇ ਬਿਆਨ ਮੁਤਾਬਕ, ਜਦੋਂ ਉਹ ਮੁੜ ਕੇ ਲਗਭਗ 100 ਗਜ਼ ਹੀ ਅੱਗੇ ਗਿਆ, ਤਾਂ ਅਚਾਨਕ ਟਿੱਪਰ ਦਾ ਜੈਕ ਵਾਲਾ ਪਿੱਛਲਾ ਟਰਾਲਾ ਖੁਦ ਬਖੁਦ ਉੱਪਰ ਚੁੱਕ ਗਿਆ।

ਧੁੰਦ ਹੋਣ ਕਾਰਨ ਡਰਾਈਵਰ ਨੂੰ ਇਸਦੀ ਤੁਰੰਤ ਜਾਣਕਾਰੀ ਨਾ ਮਿਲ ਸਕੀ ਅਤੇ ਜਦੋਂ ਟਿੱਪਰ ਪਿੰਡ ਦੇ ਸ਼ਹੀਦ ਭਾਈ ਪਿਆਰਾ ਸਿੰਘ ਯਾਦਗਾਰੀ ਗੇਟ ਹੇਠੋਂ ਲੰਘਣ ਲੱਗਾ, ਤਾਂ ਉੱਪਰ ਚੁੱਕਿਆ ਹੋਇਆ ਟਰਾਲਾ ਗੇਟ ਦੇ ਉਪਰਲੇ ਹਿੱਸੇ ਨਾਲ ਜਾ ਟਕਰਾਇਆ। ਇਸ ਟੱਕਰ ਕਾਰਨ ਗੇਟ ਦਾ ਉਪਰਲਾ ਹਿੱਸਾ ਕਾਫੀ ਨੁਕਸਾਨਿਆ ਗਿਆ ਅਤੇ ਟਿੱਪਰ ਮੌਕੇ ‘ਤੇ ਹੀ ਫਸ ਗਿਆ।

ਹਾਦਸੇ ਦੌਰਾਨ ਡਰਾਈਵਰ ਬਲਵੀਰ ਸਿੰਘ ਗੰਭੀਰ ਤੌਰ ‘ਤੇ ਜਖਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪਿੰਡ ਵਾਸੀਆਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਡਰਾਈਵਰ ਨੂੰ ਫਸਟ ਏਡ ਦਿੱਤੀ ਅਤੇ ਇਸ ਹਾਦਸੇ ਦੀ ਜਾਣਕਾਰੀ ਥਾਣਾ ਮੇਹਟੀਆਣਾ ਪੁਲਿਸ ਨੂੰ ਦਿੱਤੀ।

ਸੂਚਨਾ ਮਿਲਣ ‘ਤੇ ਥਾਣਾ ਮੇਹਟੀਆਣਾ ਤੋਂ ਏਐਸਆਈ ਉਂਕਾਰ ਸਿੰਘ ਅਤੇ ਏਐਸਆਈ ਕਰਨੈਲ ਸਿੰਘ ਆਪਣੀ ਪੁਲਿਸ ਟੀਮ ਨਾਲ ਮੌਕੇ ‘ਤੇ ਪਹੁੰਚੇ। ਪੁਲਿਸ ਵੱਲੋਂ ਸਥਿਤੀ ਦਾ ਜਾਇਜ਼ਾ ਲਿਆ ਗਿਆ ਅਤੇ ਜਖਮੀ ਡਰਾਈਵਰ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਭੇਜਿਆ ਗਿਆ।

ਟਿੱਪਰ ਗੇਟ ਵਿੱਚ ਫਸ ਜਾਣ ਕਾਰਨ ਸੜਕ ‘ਤੇ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ। ਕਰੀਬ 3 ਤੋਂ 4 ਘੰਟਿਆਂ ਦੀ ਕੜੀ ਮਿਹਨਤ ਅਤੇ ਮਸ਼ੱਕਤ ਤੋਂ ਬਾਅਦ ਪੁਲਿਸ ਅਤੇ ਸਬੰਧਤ ਵਿਭਾਗਾਂ ਦੀ ਮਦਦ ਨਾਲ ਟਿੱਪਰ ਨੂੰ ਸੁਰੱਖਿਅਤ ਢੰਗ ਨਾਲ ਹਟਾਇਆ ਗਿਆ ਅਤੇ ਆਵਾਜਾਈ ਮੁੜ ਸੁਚੱਜੀ ਤਰ੍ਹਾਂ ਚਾਲੂ ਕਰਵਾ ਦਿੱਤੀ ਗਈ।

ਗਨੀਮਤ ਇਹ ਰਹੀ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੇ ਹਾਦਸਿਆਂ ਤੋਂ ਬਚਾਅ ਲਈ ਵਾਹਨਾਂ ਦੀ ਨਿਯਮਤ ਜਾਂਚ ਅਤੇ ਸੜਕ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ, ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।

What do you feel about this post?

0%
like

Like

0%
love

Love

0%
happy

Happy

0%
haha

Haha

0%
sad

Sad

0%
angry

Angry

Leave a Reply

Your email address will not be published. Required fields are marked *