ਜ਼ੀਰਕਪੁਰ ਵਿੱਚ ਲਾਲ ਬੱਤੀ ਤੋੜਣ ਵਾਲੇ ਕਾਰ ਚਾਲਕ ਦਾ ਚਲਾਨ, ਹੂਟਰ ਵਰਤਣ ‘ਤੇ ਵੀ ਕਾਰਵਾਈ
ਜ਼ੀਰਕਪੁਰ ਵਿੱਚ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਇੱਕ ਕਾਰ ਚਾਲਕ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਗਈ ਹੈ। ਇਹ ਘਟਨਾ ਪਟਿਆਲਾ ਚੌਂਕ ‘ਤੇ ਵਾਪਰੀ ਜਿੱਥੇ ਇੱਕ ਕਰੇਟਾ ਕਾਰ ਚਾਲਕ ਨੇ ਹੂਟਰ ਵਜਾਉਂਦੇ ਹੋਏ ਲਾਲ ਬੱਤੀ ਦੀ ਉਲੰਘਣਾ ਕੀਤੀ।
ਟਰੈਫਿਕ ਪੁਲਸ ਮੁਲਾਜ਼ਮਾਂ ਨੇ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਚਾਲਕ ਨੇ ਇਸ਼ਾਰੇ ਨੂੰ ਅਣਡਿੱਠਾ ਕਰਦਿਆਂ ਤੇਜ਼ੀ ਨਾਲ ਅੱਗੇ ਨਿਕਲ ਗਿਆ। ਇਸ ਤੋਂ ਬਾਅਦ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਗੱਡੀ ਦਾ ਪਿੱਛਾ ਕੀਤਾ ਅਤੇ ਕੁਝ ਦੂਰੀ ‘ਤੇ ਉਸ ਨੂੰ ਰੋਕ ਲਿਆ।
ਪੁਲਸ ਅਨੁਸਾਰ ਚਾਲਕ ਨੇ ਪਹਿਲਾਂ ਆਪਣੇ ਆਪ ਨੂੰ ਇੱਕ ਵੱਡੇ ਰਾਜਨੀਤਿਕ ਆਗੂ ਵਜੋਂ ਦਰਸਾ ਕੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਕਦੇ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਨਾਲ ਜੋੜਿਆ ਤੇ ਕਦੇ ਭਾਜਪਾ ਨਾਲ ਸੰਬੰਧਿਤ ਦੱਸਿਆ।
ਟਰੈਫਿਕ ਇੰਚਾਰਜ ਇੰਸਪੈਕਟਰ ਮਨਫੂਲ ਸਿੰਘ ਨੇ ਦੱਸਿਆ ਕਿ ਮੋਟਰ ਵਹੀਕਲ ਕਾਨੂੰਨ ਅਨੁਸਾਰ ਹੂਟਰ ਵਰਤਣ ਦੀ ਆਗਿਆ ਸਿਰਫ਼ ਐਮਰਜੈਂਸੀ ਵਾਹਨਾਂ ਨੂੰ ਹੀ ਹੁੰਦੀ ਹੈ। ਕਿਸੇ ਵੀ ਨਿੱਜੀ ਵਾਹਨ ‘ਤੇ ਹੂਟਰ ਵਰਤਣਾ ਕਾਨੂੰਨੀ ਤੌਰ ‘ਤੇ ਗਲਤ ਹੈ।
ਚਾਲਕ ਖ਼ਿਲਾਫ਼ ਲਾਲ ਬੱਤੀ ਦੀ ਉਲੰਘਣਾ, ਬਿਨਾਂ ਇਜਾਜ਼ਤ ਹੂਟਰ ਵਰਤਣ ਅਤੇ ਪੁਲਸ ਨਾਲ ਬਦਸਲੂਕੀ ਕਰਨ ਦੇ ਦੋਸ਼ਾਂ ਹੇਠ ਚਲਾਨ ਕੱਟਿਆ ਗਿਆ ਹੈ।
ਇਸ ਘਟਨਾ ਤੋਂ ਬਾਅਦ ਟਰੈਫਿਕ ਪੁਲਸ ਨੇ ਸਪੱਸ਼ਟ ਕੀਤਾ ਕਿ ਭਵਿੱਖ ਵਿੱਚ ਵੀ ਅਜਿਹੇ ਨਿਯਮ ਤੋੜਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ।
What do you feel about this post?
Like
Love
Happy
Haha
Sad
