ਜਲਾਲਾਬਾਦ ਦੇ ਪਿੰਡ ਫਲੀਆਂਵਾਲਾ ਨਾਲ ਸੰਬੰਧਤ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਨੇ ਆਪਣੀ ਮਿਹਨਤ ਦੀ ਕਮਾਈ ਚੋਰਾਂ ਤੋਂ ਬਚਾਉਣ ਲਈ ਸੁੱਕੀਆਂ ਰੋਟੀਆਂ ਅਤੇ ਛਾਣ ਬੂਰੇ ਵਾਲੇ ਥੈਲੇ ਵਿੱਚ ਲੁਕਾ ਕੇ ਰੱਖੀ ਹੋਈ ਸੀ। ਨੌਜਵਾਨ ਲਗਭਗ ਡੇਢ ਸਾਲ ਤੋਂ ਆਪਣੀ ਕਮਾਈ ਇਸ ਥੈਲੇ ਵਿੱਚ ਸੰਭਾਲ ਕੇ ਰੱਖ ਰਿਹਾ ਸੀ ਅਤੇ ਕੁੱਲ ਰਕਮ ਕਰੀਬ ਡੇਢ ਲੱਖ ਰੁਪਏ ਹੋ ਗਈ ਸੀ।
ਜਦੋਂ ਨੌਜਵਾਨ ਕੰਮ ਤੇ ਗਿਆ ਹੋਇਆ ਸੀ ਤਾਂ ਪਿੱਛੋਂ ਉਸ ਦੀ ਮਾਤਾ ਨੇ ਅਣਜਾਣੇ ਵਿੱਚ ਸੁੱਕੀਆਂ ਰੋਟੀਆਂ ਵਾਲਾ ਥੈਲਾ ਫੇਰੀ ਵਾਲੇ ਨੂੰ ਦੇ ਦਿੱਤਾ। ਫੇਰੀ ਵਾਲੇ ਨੇ ਇਹ ਥੈਲਾ ਅੱਗੇ ਕਬਾੜੀਏ ਨੂੰ ਵੇਚ ਦਿੱਤਾ ਅਤੇ ਕਬਾੜੀਏ ਨੇ ਅੱਗੇ ਦੁੱਧ ਡੇਰੀ ਵਾਲਿਆਂ ਨੂੰ ਵੇਚ ਦਿੱਤਾ।
ਜਦ ਨੌਜਵਾਨ ਘਰ ਵਾਪਸ ਆਇਆ ਤਾਂ ਉਸਨੇ ਆਪਣੀ ਮਾਂ ਤੋਂ ਥੈਲੇ ਬਾਰੇ ਪੁੱਛਿਆ। ਮਾਂ ਨੇ ਦੱਸਿਆ ਕਿ ਥੈਲਾ ਤਾਂ ਫੇਰੀ ਵਾਲਾ ਲੈ ਗਿਆ। ਇਹ ਸੁਣ ਕੇ ਨੌਜਵਾਨ ਦੇ ਪੈਰਾਂ ਹੇਠੋਂ ਜਮੀਨ ਨਿਕਲ ਗਈ। ਉਸ ਨੇ ਤੁਰੰਤ ਫੇਰੀ ਵਾਲੇ ਦੀ ਭਾਲ ਕੀਤੀ ਅਤੇ ਫਿਰ ਕਬਾੜੀਏ ਤੱਕ ਪਹੁੰਚ ਗਿਆ।
ਕਬਾੜੀਏ ਨੇ ਇਮਾਨਦਾਰੀ ਦਿਖਾਉਂਦੇ ਹੋਏ ਡੇਰੀ ਵਾਲਿਆਂ ਨਾਲ ਸੰਪਰਕ ਕੀਤਾ ਅਤੇ ਅੰਤ ਵਿੱਚ ਉਹ ਥੈਲਾ ਵਾਪਸ ਲਿਆ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਥੈਲਾ ਤਿੰਨ ਥਾਵਾਂ ਤੇ ਵਿਕਿਆ ਪਰ ਕਿਸੇ ਨੇ ਵੀ ਇਸ ਨੂੰ ਖੋਲ ਕੇ ਨਹੀਂ ਵੇਖਿਆ।
ਅਖੀਰਕਾਰ ਨੌਜਵਾਨ ਨੂੰ ਉਸ ਦੇ ਡੇਢ ਲੱਖ ਰੁਪਏ ਵਾਪਸ ਮਿਲ ਗਏ। ਨੌਜਵਾਨ ਭਾਵੁਕ ਹੋ ਗਿਆ ਅਤੇ ਕਹਿਣ ਲੱਗਾ ਕਿ ਇਹ ਪੈਸਾ ਉਸ ਨੇ ਇੱਟਾਂ ਚੱਕ ਚੱਕ ਕੇ ਜੋੜਿਆ ਸੀ।
What do you feel about this post?
Like
Love
Happy
Haha
Sad


