ਅੰਮ੍ਰਿਤਸਰ ਫੈਜ਼ਪੁਰਾ ਫਾਇਰਿੰਗ ਮਾਮਲੇ ‘ਚ ਵੱਡਾ ਖੁਲਾਸਾ: ਆਪਣੇ ਹੀ ਘਰ ‘ਤੇ ਕਰਵਾਇਆ ਸੀ ਹਮਲਾ, 5 ਗ੍ਰਿਫ਼ਤਾਰ
ਅੰਮ੍ਰਿਤਸਰ ਦੇ ਫੈਜ਼ਪੁਰਾ ਇਲਾਕੇ ਵਿੱਚ ਕੁਝ ਦਿਨ ਪਹਿਲਾਂ ਇੱਕ ਮਹਿਲਾ ਕੌਂਸਲਰ ਦੇ ਘਰ ਦੇ ਬਾਹਰ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਹਮਲਾ ਅਸਲ ਵਿੱਚ ਇੱਕ ਰਚੀ ਹੋਈ ਸਾਜ਼ਿਸ਼ ਸੀ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 7 ਮਾਰਚ 2026 ਦੀ ਰਾਤ ਲਗਭਗ 12:30 ਵਜੇ ਫੈਜ਼ਪੁਰਾ ਚੌਕੀ ਦੇ ਅਧੀਨ ਥਾਣਾ ਮਜੀਠਾ ਰੋਡ ਇਲਾਕੇ ਵਿੱਚ ਫਾਇਰਿੰਗ ਦੀ ਸੂਚਨਾ ਮਿਲੀ ਸੀ।
ਸ਼ੁਰੂਆਤੀ ਸ਼ਿਕਾਇਤ ਵਿੱਚ ਇੰਦਰਜੀਤ ਸਿੰਘ ਵੱਲੋਂ ਦੱਸਿਆ ਗਿਆ ਸੀ ਕਿ ਉਸ ਦੀ ਭਾਣਜੀ ਦੀ ਲਵ ਮੈਰਿਜ ਹੋਈ ਸੀ ਅਤੇ ਇਸ ਗੱਲ ਨੂੰ ਲੈ ਕੇ ਕੁਝ ਲੋਕਾਂ ਨਾਲ ਰੰਜਿਸ਼ ਸੀ। ਉਸ ਨੇ ਦੋਸ਼ ਲਗਾਇਆ ਸੀ ਕਿ ਉਹਨਾਂ ਲੋਕਾਂ ਵੱਲੋਂ ਉਸ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਹਨ।
ਪਰ ਜਦੋਂ ਪੁਲਿਸ ਨੇ ਸੀਸੀਟੀਵੀ ਫੁਟੇਜ ਅਤੇ ਹੋਰ ਸਬੂਤਾਂ ਦੇ ਆਧਾਰ ‘ਤੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਸਾਰੀ ਘਟਨਾ ਪਰਿਵਾਰ ਵੱਲੋਂ ਹੀ ਰਚੀ ਗਈ ਸੀ।
ਪੁਲਿਸ ਮੁਤਾਬਕ ਲਵ ਮੈਰਿਜ ਦੇ ਮਾਮਲੇ ਵਿੱਚ ਚੱਲ ਰਹੀ ਕੋਰਟ ਕਾਰਵਾਈ ਨੂੰ ਪ੍ਰਭਾਵਿਤ ਕਰਨ ਲਈ ਇਹ ਸਾਜ਼ਿਸ਼ ਰਚੀ ਗਈ ਸੀ। ਪਰਿਵਾਰ ਦੇ ਮੈਂਬਰਾਂ ਨੇ ਆਪਣੇ ਹੀ ਰਿਸ਼ਤੇਦਾਰਾਂ ਨਾਲ ਮਿਲ ਕੇ ਘਰ ਦੇ ਬਾਹਰ ਫਾਇਰਿੰਗ ਕਰਵਾਈ।
ਇਸ ਮਾਮਲੇ ਵਿੱਚ ਪੁਲਿਸ ਨੇ ਦਾਨਿਸ਼, ਪ੍ਰਿਤਪਾਲ ਸਿੰਘ, ਵਿਸ਼ੂ, ਆਕਾਸ਼ ਸੋਹਤਾ ਅਤੇ ਮਾਨਵ ਸਮੇਤ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇੱਕ ਹੋਰ ਦੋਸ਼ੀ ਅਖਿਲ ਅਜੇ ਫਰਾਰ ਹੈ ਜਿਸ ਦੀ ਤਲਾਸ਼ ਜਾਰੀ ਹੈ।


