Saturday, March 14, 2026
spot_imgspot_imgspot_img
HomeNATIONAL77ਵੇਂ ਗਣਤੰਤਰ ਦਿਵਸ ਮੌਕੇ ਅਟਾਰੀ–ਵਾਘਾ ਸਰਹੱਦ ‘ਤੇ ਦੇਸ਼ਭਗਤੀ ਦਾ ਜ਼ਬਰਦਸਤ ਨਜ਼ਾਰਾ

77ਵੇਂ ਗਣਤੰਤਰ ਦਿਵਸ ਮੌਕੇ ਅਟਾਰੀ–ਵਾਘਾ ਸਰਹੱਦ ‘ਤੇ ਦੇਸ਼ਭਗਤੀ ਦਾ ਜ਼ਬਰਦਸਤ ਨਜ਼ਾਰਾ

ਅੰਮ੍ਰਿਤਸਰ:
ਦੇਸ਼ ਦੇ 77ਵੇਂ ਗਣਤੰਤਰ ਦਿਵਸ ਦੇ ਪਾਵਨ ਮੌਕੇ ‘ਤੇ ਅੰਮ੍ਰਿਤਸਰ ਸਥਿਤ ਅਟਾਰੀ–ਵਾਘਾ ਸਰਹੱਦ ‘ਤੇ ਦੇਸ਼ਭਗਤੀ ਦਾ ਅਦਭੁੱਤ ਅਤੇ ਭਾਵੁਕ ਮਾਹੌਲ ਵੇਖਣ ਨੂੰ ਮਿਲਿਆ। ਸਵੇਰ ਤੋਂ ਹੀ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਹੀ ਨਹੀਂ, ਸਗੋਂ ਵਿਦੇਸ਼ਾਂ ਤੋਂ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਸੈਲਾਨੀ ਰਿਟਰੀਟ ਸੈਰਾਮਨੀ ਦੇ ਦਰਸ਼ਨ ਕਰਨ ਲਈ ਸਰਹੱਦ ‘ਤੇ ਪਹੁੰਚ ਗਏ।

ਤਿਰੰਗੇ ਨਾਲ ਸਜੀ ਸਰਹੱਦ, ਦੇਸ਼ਭਗਤੀ ਦੇ ਗੀਤ ਅਤੇ “ਭਾਰਤ ਜਿੰਦਾਬਾਦ”, “ਵੰਦੇ ਮਾਤਰਮ” ਅਤੇ “ਇੰਡੀਅਨ ਆਰਮੀ ਜ਼ਿੰਦਾਬਾਦ” ਦੇ ਨਾਅਰਿਆਂ ਨਾਲ ਪੂਰਾ ਮਾਹੌਲ ਗੂੰਜ ਉੱਠਿਆ। ਹਰ ਉਮਰ ਦੇ ਲੋਕਾਂ ਦੇ ਚਿਹਰਿਆਂ ‘ਤੇ ਦੇਸ਼ ਲਈ ਮਾਣ, ਫ਼ਖ਼ਰ ਅਤੇ ਜੋਸ਼ ਸਾਫ਼ ਨਜ਼ਰ ਆ ਰਿਹਾ ਸੀ।

ਰਿਟਰੀਟ ਸੈਰਾਮਨੀ ਦੌਰਾਨ ਬਾਰਡਰ ਸਿਕਿਉਰਟੀ ਫੋਰਸ (BSF) ਦੇ ਜਵਾਨਾਂ ਵੱਲੋਂ ਦਿਖਾਈ ਗਈ ਸ਼ਾਨਦਾਰ ਪਰੈਡ, ਅਨੁਸ਼ਾਸਨ ਅਤੇ ਦਲੇਰੀ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਬੀਐਸਐਫ ਜਵਾਨਾਂ ਦੇ ਉੱਚੇ ਕਦਮ, ਜਜ਼ਬੇ ਅਤੇ ਤਾਲਮੇਲ ਨੇ ਲੋਕਾਂ ਨੂੰ ਮੰਤ੍ਰਮੁਗਧ ਕਰ ਦਿੱਤਾ। ਸਰਹੱਦ ‘ਤੇ ਦੇਸ਼ ਦੀ ਸ਼ਾਨ ਅਤੇ ਫੌਜ ਦੀ ਤਾਕਤ ਦਾ ਸ਼ਾਨਦਾਰ ਪ੍ਰਦਰਸ਼ਨ ਵੇਖਣ ਨੂੰ ਮਿਲਿਆ।

ਸੈਰਾਮਨੀ ਤੋਂ ਪਹਿਲਾਂ ਮੋਟਰਸਾਈਕਲ ਸ਼ੋ, ਗਨ ਸ਼ੋ ਅਤੇ ਹੋਰ ਰੋਮਾਂਚਕ ਪ੍ਰਦਰਸ਼ਨਾਂ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਲੋਕਾਂ ਨੇ ਤਾਲੀਆਂ ਅਤੇ ਨਾਅਰਿਆਂ ਰਾਹੀਂ ਜਵਾਨਾਂ ਦਾ ਹੌਂਸਲਾ ਵਧਾਇਆ।

ਸਰਹੱਦ ‘ਤੇ ਮੌਜੂਦ ਸੈਲਾਨੀਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗਣਤੰਤਰ ਦਿਵਸ ਦੇ ਮੌਕੇ ਅਟਾਰੀ–ਵਾਘਾ ਬਾਰਡਰ ‘ਤੇ ਆ ਕੇ ਰਿਟਰੀਟ ਸੈਰਾਮਨੀ ਦੇਖਣਾ ਬਹੁਤ ਹੀ ਗੌਰਵਮਈ ਅਤੇ ਭਾਵੁਕ ਅਨੁਭਵ ਹੈ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਦੇ ਜਵਾਨ ਦੇਸ਼ ਦੀ ਅਸਲੀ ਸ਼ਾਨ ਹਨ ਅਤੇ ਉਨ੍ਹਾਂ ‘ਤੇ ਸਾਨੂੰ ਮਾਣ ਹੈ।

ਇਸ ਮੌਕੇ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਦੱਸਿਆ ਕਿ ਇਸ ਵਾਰ ਰਿਟਰੀਟ ਸੈਰਾਮਨੀ ਦੇ ਦਰਸ਼ਨ ਲਈ ਲਗਭਗ 25 ਤੋਂ 30 ਹਜ਼ਾਰ ਲੋਕਾਂ ਦੇ ਪਹੁੰਚਣ ਦੀ ਸੰਭਾਵਨਾ ਸੀ। ਉਨ੍ਹਾਂ ਕਿਹਾ ਕਿ ਸੁਰੱਖਿਆ ਦੇ ਮੱਦੇਨਜ਼ਰ ਚਾਰ ਤੋਂ ਪੰਜ ਪੁਲਿਸ ਸਟੇਸ਼ਨਾਂ ਦੀ ਫੋਰਸ, ਐਸਐਚਓ ਅਤੇ ਡੀਐਸਪੀ ਪੱਧਰ ਦੇ ਅਧਿਕਾਰੀਆਂ ਦੀ ਤਾਇਨਾਤੀ ਕੀਤੀ ਗਈ ਸੀ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ।

ਅਰੁਣ ਮਾਹਲ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਅਤੇ ਸਿਹਤਮੰਦ ਜੀਵਨਸ਼ੈਲੀ ਵੱਲ ਧਿਆਨ ਦੇਣ ਅਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਸਰਗਰਮ ਯੋਗਦਾਨ ਪਾਉਣ।

ਗਣਤੰਤਰ ਦਿਵਸ ਮੌਕੇ ਅਟਾਰੀ–ਵਾਘਾ ਸਰਹੱਦ ‘ਤੇ ਹੋਈ ਰਿਟਰੀਟ ਸੈਰਾਮਨੀ ਨੇ ਹਰ ਇਕ ਦੇ ਦਿਲ ਵਿੱਚ ਦੇਸ਼ਭਗਤੀ ਦੀ ਭਾਵਨਾ ਹੋਰ ਮਜ਼ਬੂਤ ਕਰ ਦਿੱਤੀ ਅਤੇ ਲੋਕ ਆਪਣੇ ਨਾਲ ਮਾਣ ਅਤੇ ਯਾਦਗਾਰ ਪਲ ਲੈ ਕੇ ਵਾਪਸ ਲੌਟੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments