ਅੰਮ੍ਰਿਤਸਰ ਪੁਲਿਸ ਨੇ ਹੈਲਥ ਮਿਨਿਸਟਰ ਪੰਜਾਬ ਡਾ. ਬਲਬੀਰ ਸਿੰਘ ਦੇ ਨਾਂ ’ਤੇ ਫਰਜ਼ੀ ਕਾਲ ਕਰਕੇ ਸਿਵਲ ਹਸਪਤਾਲ ਪ੍ਰਸ਼ਾਸਨ ’ਤੇ ਦਬਾਅ ਬਣਾਉਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਆਰੋਪੀ ਦੀ ਪਛਾਣ ਹਰਜੀਤ ਸਿੰਘ (57), ਵਾਸੀ ਗੁਰਬਖ਼ਸ਼ ਨਗਰ, ਅੰਮ੍ਰਿਤਸਰ ਵਜੋਂ ਹੋਈ ਹੈ, ਜੋ ਪੇਸ਼ੇ ਤੋਂ ਪ੍ਰਾਈਵੇਟ ਡਰਾਈਵਰ ਹੈ ਅਤੇ ਪੰਜਵੀਂ ਤੱਕ ਪੜ੍ਹਿਆ ਹੋਇਆ ਹੈ।
ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਸਿਵਲ ਹਸਪਤਾਲ ਨੂੰ ਇੱਕ ਫੋਨ ਆਇਆ, ਜਿਸ ਵਿੱਚ ਕਾਲ ਕਰਨ ਵਾਲੇ ਨੇ ਪਹਿਲਾਂ ਆਪਣੇ ਆਪ ਨੂੰ ਹੈਲਥ ਮਿਨਿਸਟਰ ਅਤੇ ਫਿਰ ਉਨ੍ਹਾਂ ਦੇ ਦਫ਼ਤਰ ਦਾ ਅਧਿਕਾਰੀ ਦੱਸ ਕੇ ਹੁਕਮ ਦੇਣ ਦੀ ਕੋਸ਼ਿਸ਼ ਕੀਤੀ। ਸਟਾਫ਼ ਨੂੰ ਸ਼ੱਕ ਹੋਣ ’ਤੇ ਕਾਲ ਦੀ ਰਿਕਾਰਡਿੰਗ ਸਿਵਲ ਸਰਜਨ ਤੱਕ ਪਹੁੰਚਾਈ ਗਈ। ਜਾਂਚ ਮਗਰੋਂ ਸਪੱਸ਼ਟ ਹੋਇਆ ਕਿ ਇਹ ਆਵਾਜ਼ ਮੰਤਰੀ ਦੀ ਨਹੀਂ ਸੀ, ਅਤੇ ਡਾ. ਬਲਬੀਰ ਸਿੰਘ ਨੇ ਵੀ ਅਜਿਹੀ ਕਿਸੇ ਕਾਲ ਤੋਂ ਇਨਕਾਰ ਕਰ ਦਿੱਤਾ।
ਪੁਲਿਸ ਨੇ ਟੈਕਨੀਕਲ ਟ੍ਰੈਕਿੰਗ ਰਾਹੀਂ ਦੋਸ਼ੀ ਨੂੰ ਟ੍ਰੇਸ ਕਰਕੇ ਗ੍ਰਿਫ਼ਤਾਰ ਕੀਤਾ। ਜਾਂਚ ਦੌਰਾਨ ਪਤਾ ਲੱਗਾ ਕਿ ਹਰਜੀਤ ਸਿੰਘ ਖ਼ਿਲਾਫ਼ ਪਹਿਲਾਂ ਹੀ 6 ਹੋਰ FIR ਦਰਜ ਹਨ।
ਖੁਲਾਸਾ ਹੋਇਆ ਕਿ ਉਸਦਾ ਪੁੱਤਰ ਸਿਵਲ ਹਸਪਤਾਲ ਵਿੱਚ ਸੁਰੱਖਿਆ ਗਾਰਡ ਸੀ, ਜਿਸਦੀ ਡਿਊਟੀ ਸਰਕਾਰ ਦੀਆਂ ਨਵੀਆਂ ਹਦਾਇਤਾਂ ਕਾਰਨ ਬਦਲੀ ਜਾ ਰਹੀ ਸੀ। ਆਪਣੇ ਪੁੱਤਰ ਦੀ ਨੌਕਰੀ ਬਚਾਉਣ ਲਈ ਹੀ ਉਸਨੇ ਇਹ ਫਰਜ਼ੀ ਕਾਲ ਵਾਲੀ ਸਾਜ਼ਿਸ਼ ਰਚੀ। ਪੁਲਿਸ ਨੇ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


