ਰਾਜ ਸਭਾ ਮੈਂਬਰ ਅਤੇ ਪ੍ਰਸਿੱਧ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਸਦ ਦੇ ਉੱਚ ਸਦਨ ਵਿੱਚ ਇੱਕ ਅਹਿਮ ਮੁੱਦਾ ਉਠਾਉਂਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੇਸ਼ ਦੇ ਸਾਰੇ ਸਕੂਲਾਂ ਵਿੱਚ ਵਾਤਾਵਰਣ ਨੂੰ ਲਾਜ਼ਮੀ ਵਿਸ਼ੇ ਵਜੋਂ ਸ਼ਾਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇ ਵਾਤਾਵਰਣ ਸੁਰੱਖਿਆ ਦੀ ਸਿੱਖਿਆ ਬਚਪਨ ਤੋਂ ਹੀ ਦਿੱਤੀ ਜਾਵੇਗੀ ਤਾਂ ਆਉਣ ਵਾਲੀ ਪੀੜ੍ਹੀ ਕੁਦਰਤ ਪ੍ਰਤੀ ਜ਼ਿੰਮੇਵਾਰ, ਸਚੇਤ ਅਤੇ ਸੰਵੇਦਨਸ਼ੀਲ ਬਣੇਗੀ।
ਸੰਤ ਸੀਚੇਵਾਲ ਨੇ ਯਾਦ ਦਿਵਾਇਆ ਕਿ ਮਨੁੱਖ ਅਤੇ ਕੁਦਰਤ ਦਾ ਰਿਸ਼ਤਾ ਸਦੀਆਂ ਪੁਰਾਣਾ ਹੈ ਅਤੇ ਸਾਰੇ ਧਰਮ ਵੀ ਕੁਦਰਤ ਨਾਲ ਸਾਂਝ ਬਣਾਈ ਰੱਖਣ ਦਾ ਉਪਦੇਸ਼ ਦਿੰਦੇ ਹਨ। ਉਨ੍ਹਾਂ ਗੁਰਬਾਣੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਹਵਾ, ਪਾਣੀ ਅਤੇ ਧਰਤੀ ਮਨੁੱਖੀ ਜੀਵਨ ਦਾ ਆਧਾਰ ਹਨ, ਪਰ ਅੱਜ ਵਧਦੇ ਪ੍ਰਦੂਸ਼ਣ ਅਤੇ ਮਨੁੱਖੀ ਲਾਲਚ ਕਾਰਨ ਇਹ ਤਿੰਨੇ ਕੁਦਰਤੀ ਸਰੋਤ ਗੰਭੀਰ ਖਤਰੇ ਵਿੱਚ ਹਨ।
ਉਨ੍ਹਾਂ ਨੇ ਚਿੰਤਾ ਜਤਾਈ ਕਿ ਗਲੋਬਲ ਵਾਰਮਿੰਗ ਕਾਰਨ ਭਿਆਨਕ ਹੜ੍ਹ, ਸੋਕੇ ਅਤੇ ਸਮੁੰਦਰੀ ਤੂਫਾਨਾਂ ਵਰਗੀਆਂ ਆਫ਼ਤਾਂ ਵਧ ਰਹੀਆਂ ਹਨ, ਜਿਨ੍ਹਾਂ ਦਾ ਸਿੱਧਾ ਅਸਰ ਮਨੁੱਖ, ਪਸ਼ੂ-ਪੰਛੀਆਂ, ਜਲਜੀਵਾਂ ਅਤੇ ਜੰਗਲਾਂ ‘ਤੇ ਪੈ ਰਿਹਾ ਹੈ। ਇਹ ਸਭ ਮਨੁੱਖ ਵੱਲੋਂ ਕੁਦਰਤ ਨਾਲ ਕੀਤੀ ਗਈ ਬੇਹਿਸਾਬ ਛੇੜਛਾੜ ਦਾ ਨਤੀਜਾ ਹੈ।
ਸੰਤ ਸੀਚੇਵਾਲ ਨੇ ਜ਼ੋਰ ਦਿੱਤਾ ਕਿ ਜੇ ਅਸੀਂ ਆਪਣੇ ਬੱਚਿਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਭਵਿੱਖ ਚਾਹੁੰਦੇ ਹਾਂ ਤਾਂ ਵਾਤਾਵਰਣ ਪ੍ਰਤੀ ਜਾਗਰੂਕਤਾ ਦੀ ਸਿੱਖਿਆ ਸਕੂਲ ਪੱਧਰ ਤੋਂ ਹੀ ਸ਼ੁਰੂ ਕਰਨੀ ਹੋਵੇਗੀ। ਬੱਚਿਆਂ ਨੂੰ ਰੁੱਖ ਲਗਾਉਣਾ, ਪਾਣੀ ਬਚਾਉਣਾ, ਕਚਰੇ ਦਾ ਸਹੀ ਪ੍ਰਬੰਧ ਕਰਨਾ ਅਤੇ ਕੁਦਰਤ ਨਾਲ ਸਾਂਝ ਬਣਾਕੇ ਜੀਉਣਾ ਸਿਖਾਇਆ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ “Think Globally, Act Locally” ਦਾ ਸਿਧਾਂਤ ਤਦ ਹੀ ਸਫਲ ਹੋ ਸਕਦਾ ਹੈ ਜਦੋਂ ਵਾਤਾਵਰਣ ਸਿੱਖਿਆ ਸਿਰਫ਼ ਕਿਤਾਬਾਂ ਤੱਕ ਸੀਮਿਤ ਨਾ ਰਹੇ, ਸਗੋਂ ਜ਼ਮੀਨੀ ਪੱਧਰ ‘ਤੇ ਅਮਲ ਵਿੱਚ ਲਿਆਂਦੀ ਜਾਵੇ।
ਅਖੀਰ ਵਿੱਚ ਸੰਤ ਸੀਚੇਵਾਲ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਦੇਸ਼ ਭਰ ਦੇ ਸਕੂਲਾਂ ਵਿੱਚ ਵਾਤਾਵਰਣ ਨੂੰ ਲਾਜ਼ਮੀ ਵਿਸ਼ਾ ਬਣਾਇਆ ਜਾਵੇ, ਤਾਂ ਜੋ ਇੱਕ ਜਾਗਰੂਕ, ਕੁਦਰਤ-ਪ੍ਰੇਮੀ ਅਤੇ ਜ਼ਿੰਮੇਵਾਰ ਸਮਾਜ ਤਿਆਰ ਹੋ ਸਕੇ।


