ਲੁਧਿਆਣਾ ਵਿੱਚ ਪਾਰਕ ਪਲਾਜ਼ਾ ਹੋਟਲ ‘ਤੇ ਕਾਰਵਾਈ, ਅਦਾਲਤੀ ਹੁਕਮਾਂ ਤੋਂ ਬਾਅਦ ਵੱਡਾ ਹਿੱਸਾ ਤੋੜਿਆ ਗਿਆ
ਲੁਧਿਆਣਾ ਵਿੱਚ ਸਥਿਤ ਪਾਰਕ ਪਲਾਜ਼ਾ ਹੋਟਲ ਇੱਕ ਵਾਰ ਫਿਰ ਵਿਵਾਦਾਂ ਵਿੱਚ ਆ ਗਿਆ ਹੈ, ਜਿੱਥੇ ਅਦਾਲਤ ਦੇ ਹੁਕਮਾਂ ਤੋਂ ਬਾਅਦ ਨਿਗਮ ਵੱਲੋਂ ਹੋਟਲ ਦੇ ਗੈਰਕਾਨੂੰਨੀ ਹਿੱਸਿਆਂ ਨੂੰ ਤੋੜਨ ਦੀ ਕਾਰਵਾਈ ਸ਼ੁਰੂ ਕੀਤੀ ਗਈ।
ਇਹ ਹੋਟਲ ਕਾਫ਼ੀ ਸਮੇਂ ਤੋਂ ਵਿਵਾਦਾਂ ਵਿੱਚ ਰਿਹਾ ਹੈ ਕਿਉਂਕਿ ਇਸ ਦੀ ਨਿਰਮਾਣ ਪ੍ਰਕਿਰਿਆ ਦੌਰਾਨ ਕਈ ਨਿਯਮਾਂ ਦੀ ਉਲੰਘਣਾ ਹੋਣ ਦੇ ਦੋਸ਼ ਲੱਗੇ ਸਨ। ਪੰਜਾਬ ਸਰਕਾਰ ਵੱਲੋਂ ਪਹਿਲਾਂ ਵੀ ਇਸ ਨੂੰ ਨੋਟਿਸ ਜਾਰੀ ਕੀਤੇ ਗਏ ਸਨ ਅਤੇ ਮਾਮਲਾ ਅਦਾਲਤ ਤੱਕ ਪਹੁੰਚ ਗਿਆ ਸੀ। ਇਹ ਕੇਸ ਸੁਪਰੀਮ ਕੋਰਟ ਅਤੇ ਨੇਸ਼ਨਲ ਟ੍ਰਿਬਿਊਨਲ ਵਿੱਚ ਵੀ ਸੁਣਵਾਈ ਅਧੀਨ ਰਿਹਾ।
ਅਦਾਲਤ ਵੱਲੋਂ ਸਟੇ ਖ਼ਾਰਜ ਕਰਨ ਤੋਂ ਬਾਅਦ ਨਿਗਮ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਜੇਸੀਬੀ ਮਸ਼ੀਨਾਂ ਨਾਲ ਹੋਟਲ ਦੇ ਗੈਰਕਾਨੂੰਨੀ ਹਿੱਸਿਆਂ ਨੂੰ ਤੋੜਣਾ ਸ਼ੁਰੂ ਕਰ ਦਿੱਤਾ।
ਇਸ ਦੌਰਾਨ ਸਿਆਸੀ ਮਾਹੌਲ ਵੀ ਗਰਮ ਹੋ ਗਿਆ ਜਦੋਂ ਭਾਜਪਾ, ਅਕਾਲੀ ਦਲ ਅਤੇ ਕਾਂਗਰਸ ਦੇ ਆਗੂ ਮੌਕੇ ‘ਤੇ ਪਹੁੰਚੇ ਅਤੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਉਹਨਾਂ ਨੇ ਇਸ ਕਾਰਵਾਈ ਨੂੰ ਸਰਕਾਰ ਦੀ ਧੱਕੇਸ਼ਾਹੀ ਕਰਾਰ ਦਿੱਤਾ।
ਪੁਲਿਸ ਨੇ ਹਾਲਾਤਾਂ ਨੂੰ ਕੰਟਰੋਲ ਕਰਨ ਲਈ ਕਈ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਅਤੇ ਫਿਰ ਨਿਗਮ ਵੱਲੋਂ ਆਪਣੀ ਕਾਰਵਾਈ ਜਾਰੀ ਰੱਖੀ ਗਈ।
ਇਸ ਘਟਨਾ ਨਾਲ ਇੱਕ ਵਾਰ ਫਿਰ ਇਹ ਸਵਾਲ ਉੱਠਿਆ ਹੈ ਕਿ ਕੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਸਿਰਫ਼ ਚੁਣਿੰਦਾ ਤੌਰ ‘ਤੇ ਕੀਤੀ ਜਾ ਰਹੀ ਹੈ ਜਾਂ ਸੱਚਮੁੱਚ ਕਾਨੂੰਨ ਦੀ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ।


