ਮੋਹਾਲੀ: ਸਪੈਸ਼ਲ ਕਾਡਰ ਅਧਿਆਪਕਾਂ ‘ਤੇ ਵਾਟਰ ਕੈਨਨ, ਕਈ ਜ਼ਖ਼ਮੀ — ਚੰਡੀਗੜ੍ਹ ਵੱਲ ਰੋਸ ਮਾਰਚ ਰੋਕਿਆ
ਮੋਹਾਲੀ (ਖ਼ਬਰ) — ਸਪੈਸ਼ਲ ਕਾਡਰ ਅਧਿਆਪਕ ਫਰੰਟ ਪੰਜਾਬ ਵੱਲੋਂ ਅੱਜ ਮੋਹਾਲੀ ਦੇ ਫੇਜ਼-8 ਤੋਂ ਚੰਡੀਗੜ੍ਹ ਵੱਲ ਰੋਸ ਮਾਰਚ ਕੱਢਿਆ ਜਾਣਾ ਸੀ, ਪਰ ਬੁੜੈਲ ਜੋਲ ਨੇੜੇ ਚੰਡੀਗੜ੍ਹ ਪੁਲਿਸ ਨੇ ਬੈਰੀਕੇਡ ਲਾ ਕੇ ਅਧਿਆਪਕਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ।
ਇਸ ਦੌਰਾਨ ਅਧਿਆਪਕਾਂ ਨੇ ਬੈਰੀਕੇਡ ਟੱਪਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਨ੍ਹਾਂ ‘ਤੇ ਪਾਣੀ ਦੀਆਂ ਬੁਛਾਰਾਂ (ਵਾਟਰ ਕੈਨਨ) ਕਰ ਦਿੱਤੀਆਂ। ਇਸ ਕਾਰਵਾਈ ਵਿੱਚ ਕਈ ਕੱਚੇ ਅਧਿਆਪਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਮੌਕੇ ‘ਤੇ ਸਾਥੀਆਂ ਵੱਲੋਂ ਸੰਭਾਲਿਆ ਗਿਆ।
ਅਧਿਆਪਕਾਂ ਦਾ ਦੋਸ਼ ਹੈ ਕਿ 2023 ਵਿੱਚ ਸਿੱਖਿਆ ਵਿਭਾਗ ਨੇ 12,710 ਕੱਚੇ ਅਧਿਆਪਕਾਂ ਨੂੰ ਰੈਗੂਲਰ ਨਿਯੁਕਤੀ ਪੱਤਰ ਦਿੱਤੇ ਸਨ, ਪਰ ਕਰੀਬ ਦੋ ਸਾਲ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਰੈਗੂਲਰ ਸੇਵਾ ਨਾਲ ਜੁੜੇ ਕਿਸੇ ਵੀ ਤਰ੍ਹਾਂ ਦੇ ਲਾਭ ਨਹੀਂ ਮਿਲੇ। ਨਾ ਤਨਖ਼ਾਹ ਵਿੱਚ ਸੁਧਾਰ, ਨਾ ਪੱਕੀ ਨੌਕਰੀ ਵਾਲੀਆਂ ਸਹੂਲਤਾਂ — ਜਿਸ ਕਾਰਨ ਪੂਰੇ ਪੰਜਾਬ ਦੇ ਅਧਿਆਪਕਾਂ ਵਿੱਚ ਭਾਰੀ ਰੋਸ ਹੈ।
ਇਸ ਦੇ ਚਲਦਿਆਂ ਅਧਿਆਪਕਾਂ ਵੱਲੋਂ ਮੋਹਾਲੀ ਦੇ ਐਜੂਕੇਸ਼ਨ ਬੋਰਡ ਦਫ਼ਤਰ ਦੇ ਬਾਹਰ ਪੱਕਾ ਧਰਨਾ ਵੀ ਲਗਾਇਆ ਹੋਇਆ ਹੈ, ਜੋ ਲਗਾਤਾਰ ਜਾਰੀ ਹੈ। ਉਨ੍ਹਾਂ ਨੇ ਸਰਕਾਰ ਤੋਂ ਤੁਰੰਤ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਰੈਗੂਲਰ ਅਧਿਆਪਕਾਂ ਵਾਲੇ ਪੂਰੇ ਹੱਕ ਦਿੱਤੇ ਜਾਣ।
ਅਧਿਆਪਕ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਜਲਦ ਮਸਲਾ ਹੱਲ ਨਾ ਕੀਤਾ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।


