ਫਤਿਹਗੜ੍ਹ ਸਾਹਿਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਪੁਨਰ ਸਰਜੀਤ) ਦੇ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਸਰਕਾਰ ਦੇ ਪਾਣੀ ਮੁੱਦੇ ’ਤੇ ਰਵੱਈਏ ਨੂੰ ਨਿਰਾਸ਼ਾਜਨਕ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹੱਕ ਵਿੱਚ ਪਾਣੀ ਦਾ ਮਾਮਲਾ ਰੱਖਣ ਲਈ ਕੋਈ ਵਕੀਲ ਤੱਕ ਨਹੀਂ ਸੀ, ਜੋ ਪੰਜਾਬ ਨਾਲ ਧੱਕੇ ਦੇ ਬਰਾਬਰ ਹੈ। ਚੰਦੂਮਾਜਰਾ ਨੇ ਜ਼ੋਰ ਦਿੱਤਾ ਕਿ ਪੰਜਾਬ ਕੋਲ ਪਾਣੀ ਦੀ ਘਾਟ ਹੋਣ ਦੇ ਬਾਵਜੂਦ ਹਰਿਆਣਾ ਨੂੰ ਪਾਣੀ ਦੇਣਾ ਗਲਤ ਹੈ ਅਤੇ ਕੇਂਦਰ ਅੱਗੇ ਪੰਜਾਬ ਦੇ ਘੱਟਦੇ ਪਾਣੀ ਦਾ ਮਸਲਾ ਰੱਖਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਵੰਡ ਸਮੇਂ ਦੇ ਫਾਰਮੂਲੇ ਅਨੁਸਾਰ ਹੀ ਹਰਿਆਣਾ ਨੂੰ ਪਾਣੀ ਮਿਲ ਰਿਹਾ ਹੈ, ਜਦਕਿ ਪੰਜਾਬ ਦਾ ਹਿੱਸਾ ਲਗਾਤਾਰ ਘਟ ਰਿਹਾ ਹੈ, ਅਤੇ ਪਾਕਿਸਤਾਨ ਵੱਲ ਜਾ ਰਹੇ ਪਾਣੀ ਨੂੰ ਵੀ ਰੋਕਣ ਦੀ ਲੋੜ ਹੈ। ਇਸ ਦੇ ਨਾਲ ਹੀ ਉਨ੍ਹਾਂ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਲੜਨ ਦੀ ਗੱਲ ਕੀਤੀ ਅਤੇ ਅਕਾਲੀ ਦਲ ਵਿੱਚ ਮੁੜ ਸ਼ਾਮਿਲ ਹੋਣ ਬਾਰੇ ਕਿਹਾ ਕਿ ਪਾਰਟੀ ਦੇ ਸਿਧਾਂਤਾਂ ’ਤੇ ਇਕਜੁੱਟ ਹੋ ਕੇ ਚੱਲਣਾ ਲਾਜ਼ਮੀ ਹੈ।


