ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕਤਲ ਕੇਸ ਵਿੱਚ ਲੰਬੇ ਸਮੇਂ ਤੋਂ ਫਰਾਰ ਚੱਲ ਰਹੇ ਮੁਲਜ਼ਮ ਬਲਜਿੰਦਰ ਸਿੰਘ ਉਰਫ ਬੋਬੀ ਨਾਲ ਮੁਕਾਬਲਾ ਕਰਕੇ ਉਸਨੂੰ ਜ਼ਖ਼ਮੀ ਹਾਲਤ ਵਿੱਚ ਕਾਬੂ ਕਰ ਲਿਆ ਹੈ। ਇਹ ਕਾਰਵਾਈ ਥਾਣਾ ਚਾਟੀਵਿੰਡ ਅਧੀਨ ਇਲਾਕੇ ਵਿੱਚ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਗਈ।
ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਤਰਨ ਤਾਰਨ ਦਾ ਰਹਿਣ ਵਾਲਾ ਬਲਜਿੰਦਰ ‘ਬੋਬੀ’, ਜਿਸ ’ਤੇ ਮਾਰਚ 2025 ਵਿੱਚ ਕਤਲ ਦਾ ਕੇਸ ਦਰਜ ਹੈ, ਚਾਟੀਵਿੰਡ ਨੇੜੇ ਮੌਜੂਦ ਹੈ। ਇਸ ਤੋਂ ਬਾਅਦ ਡੀਐਸਪੀ ਅਟਾਰੀ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਨਾਕਾਬੰਦੀ ਕੀਤੀ।
ਜਦੋਂ ਪੁਲਿਸ ਨੇ ਮੁਲਜ਼ਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਫਾਇਰਿੰਗ ਕਰ ਦਿੱਤੀ। ਜਵਾਬੀ ਕਾਰਵਾਈ ਵਿੱਚ ਉਸਦੀ ਲੱਤ ਵਿੱਚ ਗੋਲੀ ਲੱਗੀ ਅਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਵੇਲੇ ਉਹ ਹਸਪਤਾਲ ਵਿੱਚ ਇਲਾਜ ਅਧੀਨ ਹੈ।
ਡੀਆਈਜੀ ਬਾਰਡਰ ਰੇਂਜ ਸੰਦੀਪ ਗੋਇਲ ਨੇ ਦੱਸਿਆ ਕਿ ਬਲਜਿੰਦਰ ਸਿੰਘ ਖ਼ਿਲਾਫ਼ ਕੁੱਲ ਚਾਰ ਐਫਆਈਆਰ ਦਰਜ ਹਨ—ਇੱਕ ਕਤਲ ਅਤੇ ਤਿੰਨ ਐਨਡੀਪੀਐਸ ਐਕਟ ਤਹਿਤ। ਇਨਕਾਊਂਟਰ ਸਥਾਨ ਤੋਂ ਚਾਰ ਜਿੰਦਾ ਰੋਂਦ ਵੀ ਬਰਾਮਦ ਕੀਤੇ ਗਏ ਹਨ।
ਪੁਲਿਸ ਹੁਣ ਇਹ ਵੀ ਜਾਂਚ ਕਰ ਰਹੀ ਹੈ ਕਿ ਮੁਲਜ਼ਮ ਦੇ ਕਿਸੇ ਗੈਂਗਸਟਰ ਨੈੱਟਵਰਕ ਨਾਲ ਲਿੰਕ ਤਾਂ ਨਹੀਂ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੋਰ ਖੁਲਾਸਿਆਂ ਦੀ ਉਮੀਦ ਹੈ।


